ਜਦੋਂ ਵੀ ਅਸੀਂ ਕਿਸੇ ਸਿਆਣੇ ਵਿਅਕਤੀ ਨੂੰ ਤੁਰੇ ਫਿਰਦੇ ਵੇਖਦੇ ਹਾਂ, ਤਾਂ ਸੁਭਾਵਿਕ ਹੀ ਕਹਿ ਉੱਠਦੇ ਹਾਂ ਕਿ ਇਹਨਾਂ ਨੇ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ ਜਿਸ ਕਾਰਨ ਇਹ ਬਜ਼ੁਰਗ ਅੱਜ ਵੀ ਦੌੜੇ ਫਿਰਦੇ ਨੇ।
ਅਜੋਕੇ ਸਮੇਂ ਵਿੱਚ ਅਸੀਂ ਖ਼ਰਾਕ ਭਾਵ ਭੋਜਨ ਵਿਚ ਕਿਸੇ ਨਾ ਕਿਸੇ ਰੂਪ ਵਿਚ ਜ਼ਹਿਰ ਖਾ ਰਹੇ ਹਾਂ; ਜਿਨ੍ਹਾਂ ਨਾਲ ਸਾਨੂੰ 60-70% ਬਿਮਾਰੀਆਂ ਹੋ ਰਹੀਆਂ ਹਨ। ਬਾਕੀ ਕੁਝ ਸਾਡੀ ਜੀਵਨ ਸ਼ੈਲੀ ਵੀ ਬਦਲ ਗਈ ਹੈ।
ਪੁਰਾਣੇ ਸਮਿਆਂ ਵਿਚ ਸਿਆਣੇ ਬਜ਼ੁਰਗਾਂ ਦੇ ਮੌਸਮੀ ਫਲ, ਅਨਾਜ ਅਤੇ ਤੇਲ ਆਦਿ ਦੀ ਵਰਤੋਂ ਕਰਦੇ ਸਨ। ਭਾਵ ਹੈ ਮੌਸਮ ਦੇ ਫ਼ਲ ਸਬਜ਼ੀਆਂ ਅਤੇ ਤੇਲ ਜ਼ਰੂਰ ਸੇਵਨ ਕਰਦੇ ਸਨ।
ਪੁਰਾਣੇ ਸਮਿਆਂ ਵਿੱਚ ਬਜ਼ੁਰਗ ਕੋਸ਼ਿਸ਼ ਕਰਦੇ ਸਨ ਦੀ ਹਰ ਚੀਜ਼ ਘਰ ਦੀ ਤਿਆਰ ਕੀਤੀ ਹੀ ਵਰਤੋਂ ਵਿੱਚ ਲਿਆਂਦੀ ਜਾਵੇ।
ਸਿਆਣੇ ਬਦਲ ਬਦਲ ਕੇ ਰੁੱਤਾਂ ਅਨੁਸਾਰ ਘਰੇਲੂ ਤੇਲ ਦੀ ਵਰਤੋਂ ਕਰਦੇ ਸਨ ਜਿਵੇਂ ਕਿ ਗਰਮੀਆਂ ਦੀ ਰੁੱਤ ਵਿੱਚ ਸਰੋਂ ਦੇ ਤੇਲ ਦੀ ਵਰਤੋਂ ਅਤੇ ਸਰਦੀਆਂ ਦੀ ਰੁੱਤ ਵਿੱਚ ਤਿੱਲਾਂ ਦੇ ਤੇਲ ਦੀ ਵਰਤੋਂ।
ਪੁਰਾਣੇ ਸਮਿਆਂ ਦਾ ਖਾਣਾ ਵੀ ਮੌਸਮ ਦੇ ਅਨੁਸਾਰ ਹੁੰਦਾ ਸੀ। ਜਿਵੇਂ ਸਿਆਲ ਰੁੱਤੇ ਪਿੰਨੀਆਂ, ਅਲਸੀ, ਬੇਸਣ, ਮੂੰਗੀ, ਪੰਜੀਰੀ, ਹਲਦੀ, ਅਤੇ ਚਾਕਸੂ ਆਦਿ ਸਰਦੀਆਂ ਦੇ ਮੌਸਮ ਦੀਆਂ ਖੁਰਾਕਾਂ ਸਨ, ਜੋ ਕਿ ਸਰੀਰ ਨੂੰ ਲਗਭਗ ਸਾਰੇ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੇ ਹਨ।
ਗਰਮੀਆਂ ਦੇ ਮੌਸਮ ਵਿੱਚ ਸੱਤੂ, ਗੂੰਦ ਕਤੀਰਾ, ਅਤੇ ਗੁਲਕੰਦ ਆਦਿ ਸਰੀਰ ਨੂੰ ਠੰਡਾ ਰੱਖਦੇ ਸਨ।
ਰੁੱਤ ਬਦਲਣ ਦੇ ਦਿਨਾਂ ਵਿੱਚ ਜਾਂ ਭਰ ਗਰਮੀ ਦੇ ਮਿਰਗਸਨਾਨਾਂ ਦੇ ਦਿਨਾਂ ਵਿਚ ਨਿੰਮ ਪੀਂਦੇ ਸਨ, ਜੋ ਕਿ ਸਰੀਰ ਵਿਚ ਕਈ ਤਰ੍ਹਾਂ ਦੇ ਜ਼ਹਿਰ ਅਤੇ ਫੋੜੇ ਫਿਨਸੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਖੂਨ ਸਾਫ਼ ਕਰਦਾ ਹੈ।
ਘੜੇ ਦਾ ਅਤੇ ਖੂਹਾਂ ਦਾ ਪਾਣੀ ਪੀਂਦੇ ਸੀ ਜੋ ਕਿ ਤਾਜ਼ਾ ਪਾਣੀ ਹੁੰਦਾ ਹੈ। ਇਹ ਪਾਣੀ ਵੀ ਸ਼ਾਹੀ ਚਸ਼ਮੇ ਦੇ (ਕਸ਼ਮੀਰ ਵਿੱਚ) ਪਾਣੀ ਤੋਂ ਘੱਟ ਨਹੀਂ ਸੀ ਹੁੰਦੇ। ਭਾਵ ਸ਼ੁੱਧ ਪਾਣੀ ਸਨ ਅਤੇ ਕਈ ਬਿਮਾਰੀਆਂ ਤੋਂ ਸਾਨੂੰ ਬਚਾਉਂਦੇ ਹੁੰਦੇ ਸਨ।
ਰੁੱਖਾਂ ਦੀਆਂ ਠੰਢੀਆਂ ਛਾਂਵਾਂ ਮਾਣਦੇ ਸਨ। ਖੁੱਲ੍ਹੀਆਂ ਹਵਾਵਾਂ ਵਿਚ ਸੌਂਦੇ ਸਨ। ਕੱਖਾਂ ਦੀਆ ਕੁੱਲੀਆਂ ਅਜੋਕੇ ਸਮੇਂ ਦੇ ਏ.ਸੀ.ਆਦਿ ਨਾਲੋਂ ਬਹੁਤ ਹੀ ਵਧੀਆ ਸਨ।
ਤੁਲਸੀ, ਆਂਵਲਾ, ਅਦਰਕ, ਲਸਣ, ਗਿਲੋਅ, ਕੁਆਰ ਗੰਦਲ, ਸ਼ਕਰਕੰਦੀਆਂ, ਲੱਸੀ , ਗੁੜ,ਘਿਓ, ਅਤੇ ਘਰੜ ਵਰਗੇ ਖੂਬਸੂਰਤ ਵਸਤੂਆਂ ਦਾ ਸੇਵਨ ਕਰਦੇ ਸਨ।
ਪੁਰਾਣੇ ਸਮਿਆਂ ਵਿਚ ਬਜ਼ੁਰਗ ਲੋਹੇ, ਤਾਂਬੇ, ਪਿੱਤਲ ਅਤੇ ਕਾਂਸੇ ਆਦਿ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ। ਇਹਨਾਂ ਬਰਤਨਾਂ ਵਿਚ ਭੋਜਨ ਪਕਾਉਣਾ ਅਤੇ ਖਾਣਾ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ।
ਖੂਬ ਸਾਰੀ ਮਿਹਨਤ ਅਤੇ ਹੱਥੀਂ ਕਿਰਤ ਕਰਦੇ ਸੀ। ਹੁਣ ਦੀਆਂ ਪੀੜ੍ਹੀਆਂ ਅਤੇ ਪਾੜ੍ਹਿਆਂ ਨੇ ਸ਼ਾਇਦ ਇਹ ਚੀਜ਼ਾਂ ਵਿਸਾਰ ਦਿੱਤੀਆਂ ਹਨ। ਸੁੱਖਮਈ ਜੀਵਨ ,ਅਰਾਮਦਾਇਕ ਜ਼ਿੰਦਗੀ , ਵਿਹਲੜਪੁਣਾ, ਅਧੂਰੀਆਂ ਅਤੇ ਜ਼ਹਿਰੀ ਖੁਰਾਕਾਂ, ਜੀਵਨ ਜਾਚ ਦੀ ਘਾਟ ਆਦਿ ਨਾਲ ਮਨੁੱਖੀ ਜੀਵਨ ਬੀਮਾਰੀਆਂ ਨਾਲ ਚਿੰਬੜਿਆ ਪਿਆ ਹੈ। ਆਓ ਸਿਆਣਿਆਂ ਕੋਲੋਂ ਉਨ੍ਹਾਂ ਦੇ ਸਮੇਂ ਦੀ ਜੀਵਨ ਸ਼ੈਲੀ ਨੂੰ ਸਿਖੀਏ।
ਸਰਬੱਤ ਦਾ ਭਲਾ।
Leave a comment